Tuesday, March 29, 2011

ਜ਼ਿੰਦਗੀ ਦਾ ਚੈਂਪੀਅਨ :ਹਰਗੁਣਪ੍ਰੀਤ ਸਿੰਘ


ਜੋ ਸ਼ਖ਼ਸ ਉਸ ਪ੍ਰਮਾਤਮਾ ਵੱਲੋਂ ਜ਼ਿੰਦਗੀ ਦੀ ਨੇਅਮਤ ਨਾਲ਼ ਨਵਾਜ਼ੇ ਸੁਖਾਂ ਦਿਆਂ ਰੰਗਾਂ ਸਮੇਤ ਦੁਖਾਂ-ਤਕਲੀਫ਼ਾਂ ਨੂੰ ਵੀ ਉਹਦੀ ਰਜ਼ਾ ’ਚ ਬਖ਼ਸ਼ਿਆ ਅਮੁੱਲ ਸਰਮਾਇਆ ਜਾਣ ਕੇ ਖਿੜੇ ਮੱਥੇ ਆਪਣੀ ਹਿੱਕ ਨਾਲ ਲਗਾਉਣ ਦਾ ਜਜ਼ਬਾ ਰਖਦੇ ਹੋਣ, ਉਹਨਾਂ ਦੇ ਹੌਸਲੇ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਮੁਸ਼ਕਲਾਤ ਦੀ ਗਰਮੀ ਅੱਗੇ ਵੀ ਕਦੀ ਬਰਫ਼ ਵਾਂਗ ਨਹੀਂ ਖੁਰਦੇ।ਸਗੋਂ ਕਈ ਵਾਰ ਅਜਿਹੇ ‘ਅਮੁੱਲੇ ਦੁੱਖ’ ਉਹਨਾਂ ਦੀ ਜ਼ਿੰਦਗੀ ਦੀਆਂ ਰਾਹਾਂ ’ਚ ਡੱਕੇ ਬਨਣ ਦੀ ਬਜਾਏ ਕਾਮਯਾਬੀ ਦੀਆਂ ਲਾਮਿਸਾਲ ਮਿਸਾਲਾਂ ਬਣ ਕੇ ਉਭਰਦੇ ਹਨ।

ਜੇਕਰ ਜ਼ਿੰਦਗੀ ਜਿਊਣ ਦੀ ਅਟੁੱਟ ਜ਼ਿੱਦ ਹੋਵੇ ਤਾਂ ਸਾਹਮਣੇ ਆਈ ਮੌਤ ਵੀ ਆਪਣਾ ਰਾਹ ਬਦਲਣ ਲਈ ਮਜਬੂਰ ਹੋ ਜਾਂਦੀ ? ਇਸ ਪੇਚੀਦਾ ਸਵਾਲ ਨੂੰ ਤਾਂ ਜਿਵੇਂ ਉਹਨੇ ਸੋਹਲ ਉਮਰੇ ਹੀ ਹੱਲ ਕਰ ਲਿਆ ਹੈ।ਸਿਰ ’ਤੇ ਸੋਹਣੀ ਦਸਤਾਰ, ਅੱਖਾਂ ’ਤੇ ਐਨਕ ਅਤੇ ਮੋਢੇ ਨਾਲ਼ ਲਮਕਾਇਆ ਕਿਤਾਬਾਂ ਦਾ ਭਰਿਆ ਝੋਲਾ ਲਈਂ ਜਦ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਨੂੰ ਜਾਂਦਾ ਹੈ ਤਾਂ ਰਾਹਾਂ ’ਚ ਦਰਖ਼ਤੋਂ ਡਿੱਗੇ ਪੱਤੇ ਵੀ ਉਹਦੇ ਕਦਮਾਂ ਦੀ ਨਿੰਮ੍ਹੀ-ਨਿੰਮ੍ਹੀ ਠਕਠਕਾਹਟ ਨੂੰ ਸੁਣ, ਆਪਣੇ ਕੁਮਲਾਏ ਦਿਲਾਂ ’ਚ ਮੁੜ ਸਬਜ ਹੋਣ ਦਾ ਖ਼ਿਆਲ ਪੁੰਗਰਾਊਣ ਲੱਗ ਪੈਂਦੇ ਹੋਣੇ।ਅਜਿਹਾ ਹੈ ‘ਹਰਗੁਣਪ੍ਰੀਤ ਸਿੰਘ’।

ਇਹ ਉਹੀਓ ਹਰਗੁਣਪ੍ਰੀਤ ਹੈ ਜੋ ਅਕਸਰ ‘ਪੰਜਾਬੀ ਟ੍ਰਿਬਿਊਨ’ ’ਚ ਪ੍ਰਕਾਸ਼ਿਤ ਆਪਣੇ ਪ੍ਰੇਰਕ ਪ੍ਰਸੰਗਾਂ ਜ਼ਰੀਏ ਮਹਾਨ ਸ਼ਖ਼ਸੀਅਤਾਂ ਦੀਆਂ ਬਾਤਾਂ ਨੂੰ ਆਪਣੇ ਅਲਫ਼ਾਜ਼ ’ਚ ਪਰੋਂਦਾ ਹੋਇਆ ਜ਼ਿੰਦਗੀ ਦੀਆਂ ਰਾਤਾਂ ਨੂੰ ਰੁਸ਼ਨਾਉਣ ਦੀਆਂ ਜੁਕਤਾਂ ਦੱਸਦਾ ਹੈ।ਉਹ ਤਾਂ ਖ਼ੁਦ ‘ਪ੍ਰੇਰਕ ਪ੍ਰਸੰਗ’ ਹੈ, ਖ਼ਾਸ ਕਰ ਉਨ੍ਹਾਂ ਲਈ ਜੋ ਜ਼ਿੰਦਗੀ ਦੀਆਂ ਤਕਲੀਫਾਂ ਦੇ ਲੰਮੇ ਮੀਲ ਪੱਥਰਾਂ ਨੂੰ ਦੇਖ ਉਹਨੂੰ ਪਾਰ ਕਰਨ ਦੀ ਬਜਾਏ ਥੱਕ, ਅੱਕ ਜਾਂ ਹਾਰ ਕੇ ਬੈਠ ਗਏ ਹਨ।1 ਅਪਰੈਲ, 2003 ਦੀ ਉਹ ਹਲੂਣਾ ਦੇਣ ਵਾਲ਼ੀ ਤਿੱਖੀ ਦੁਪਹਿਰ ਨੂੰ ਹਰਗੁਣਪ੍ਰੀਤ ਦਾ ਪਰਿਵਾਰ ਕਿਵੇਂ ਭੁੱਲਾ ਸਦਕੈ ਜਦੋਂ ਡਾਕਟਰੀ ਮੁਆਇਨੇ ਪਿੱਛੋਂ ਇਹ ਗੱਲ ਸਾਹਮਣੇ ਆਈ ਕਿ ਦਸਵੀਂ ਜਮਾਤ ’ਚ ਪੜ੍ਹਦੇ 15 ਵਰ੍ਹਿਆਂ ਦੀ ਇਸ ਅਲੜ੍ਹ ਉਮਰ ਦੇ ਵਿਦਿਆਰਥੀ ਦਾ ਸਾਰਾ ਸਰੀਰ ‘ਬਲੱਡ ਕੈਂਸਰ’ ਦੀ ਲਪੇਟ ’ਚ ਆ ਚੁੱਕਾ ਹੈ।ਹਰਗੁਣਪ੍ਰੀਤ ਨੂੰ ਜਦੋਂ ਇਸ ਨਾਮੁਰਾਦ ਬਿਮਾਰੀ ਦਾ ਪਤਾ ਲੱਗਾ ਤਾਂ ਉਹਨੇ ਇਸ ਅੱਗੇ ਗੋਡੇ ਟੇਕਣ ਦੀ ਬਜਾਏ ਆਪਣੇ ਪਰਿਵਾਰ ਦਾ ਇਹ ਕਹਿ ਕਿ ਹੌਸਲਾ ਵਧਾਇਆ ਕਿ ਜੇਕਰ ਜ਼ਿੰਦਗੀ ’ਚ ਇਨਸਾਨ ਸਚਾਈ ਨੂੰ ਸਵਿਕਾਰ ਕਰ ਲਵੇ ਤਾਂ ਉਸ ਨਾਲ਼ ਜੂਝਣ ਦੀ ਤਾਕਤ ਵੀ ਮਿਲ ਹੀ ਜਾਂਦੀ ਹੈ।ਮਾਸੂਮੀਅਤ ’ਚ ਆਪ ਮੁਹਾਰੇ ਆਪਣੇ ਮੂੰਹੋਂ ਕਿਰੇ ਇਨ੍ਹਾਂ ਲਫ਼ਜ਼ਾਂ ਨੂੰ ਪੁਗਾਉਣ ਲਈ ਤਕਰੀਬਨ ਸਾਢੇ ਤਿੰਨ ਵਰ੍ਹੇ ਉਹਨੂੰ ਚੰਡੀਗੜ੍ਹ, ਪੀ.ਜੀ.ਆਈ. ਵਿਖੇ ਕੈਮੋਥਰੈਪੀ ਤੇ ਰੇਡੀਓਥਰੈਪੀ ਜਿਹੇ ਸਖ਼ਤ ਕੋਰਸਾਂ ’ਚੋਂ ਲੰਘਣਾ ਪਿਆ ।ਇਨ੍ਹਾਂ ਕੋਰਸਾਂ ਦੀ ਪੀੜ ਨੇ ਉਹਨੂੰ ਬੇਸ਼ਕ ਜਿਸਮੀ ਤੌਰ ’ਤੇ ਬਹੁਤ ਹੀ ਕਮਜ਼ੋਰ ਕਰ ਦਿੱਤਾ, ਪਰ ਉਹਦਾ ਹੌਸਲਾ ਜਿਵੇਂ ਦਿਨ ਬ ਦਿਨ ਮੌਤ ਨੂੰ ਹਰਾਉਣ ਦੀ ਹਰ ਫਰਲਾਂਗ ਪਾਰ ਕਰਨ ਨਾਲ਼ ਵਧਦਾ ਹੀ ਜਾ ਰਿਹਾ ਸੀ।ਹਰਗੁਣਪ੍ਰੀਤ ਨੇ ਆਪਣੀ ਬਿਮਾਰੀ ਦੇ ਬਾਵਜੂਦ ਦਸਵੀਂ ’ਚੋਂ 78.46 ਫ਼ੀਸਦੀ, ਬਾਰ੍ਹਵੀਂ ’ਚੋਂ 74.6 ਫ਼ੀਸਦੀ ਤੇ ਬੀ.ਏ. ’ਚੋਂ 75.13 ਫ਼ੀਸਦੀ ਅੰਕ ਪ੍ਰਾਪਤ ਕਰਕੇ ਲਗਾਤਾਰ ਆਪਣੇ ਅਦਾਰੇ ’ਚ ਪਹਿਲੇ ਸਥਾਨ ’ਤੇ ਰਹਿੰਦੇ ਹੋਏ ‘ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ’ ਦੀ ਬਜਾਏ ‘ਤੰਦਰੁਸਤ ਚਾਅ ਵਿੱਚ ਤੰਦਰੁਸਤ ਰਾਹ’ ਜਿਹੀ ਨਿਵੇਕਲੀ ਨੂੰ ਸਿਰਜਿਆ।

ਸ਼ਹਿਰ ਪਟਿਆਲਾ ਦੇ ਅਰਜਨ ਨਗਰ ’ਚ ਰਹਿੰਦੇ ਹਰਗੁਣਪ੍ਰੀਤ ਦਾ ਕਮਰਾ ਉਹਦੇ ਦਿਲ ਤੇ ਸੁਭਾਅ ਵਾਂਗ ਬਹੁਤ ਵੱਡਾ ਅਤੇ ਸ਼ਾਂਤ ਹੈ ਪਰ ਉਹਦੇ ਇਨਾਮਾਂ-ਸਨਮਾਨਾਂ ਦੀ ਤਾਦਾਦ ਜਿਵੇਂ ਉਹਦੇ ਵੱਡੇ ਕਮਰੇ ਨੂੰ ਵੀ ਬੌਣਾ ਕਰ ਦਿੰਦੀ ਹੈ।ਹੁਣ ਤੱਕ ਹਰਗੁਣਪ੍ਰੀਤ ਸੁੰਦਰ ਲਿਖਾਈ, ਚਿੱਤਰਕਾਰੀ, ਦਸਤਾਰ ਸਜਾਉਣ ਤੇ ਲੇਖ ਲਿਖਣ ਦੇ ਮੁਕਾਬਲਿਆਂ ’ਚ ਤਕਰੀਬਨ 60 ਤੋਂ ਵੱਧ ਰਾਜ ਤੇ ਰਾਸ਼ਟਰੀ ਪੱਧਰ ਦੇ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੈ ਤੇ ਉਹਦੇ 200 ਤੋਂ ਵੱਧ ਲੇਖ ਪੰਜਾਬੀ ਅਖ਼ਬਾਰਾਂ ਦਾ ਸ਼ਿੰਗਾਰ ਵੀ ਬਣ ਚੁੱਕੇ ਹਨ।ਇੱਥੇ ਹੀ ਬਸ ਨਹੀਂ ਸਗੋਂ ਇਲਾਜ ਦੌਰਾਨ ਵਿਹਲੇ ਸਮੇਂ ਉਹਨੂੰ ਸਾਹਿਤ ਪੜ੍ਹਨ, ਗੁਰਬਾਣੀ ਸੁਨਣ ਤੇ ਮਹਾਨ ਸ਼ਖ਼ਸੀਅਤਾਂ ਦੀਆਂ ਗੱਲਾਂ ਜਾਣਨ ਦੀ ਅਜਿਹੀ ਚੇਟਕ ਲੱਗੀ ਕਿ ਉਹਨੇ ਆਪਣੇ ਧਿਆਨ ਨੂੰ ਬਿਮਾਰੀ ਵੱਲੋਂ ਅਵੇਸਲਾ ਕਰਕੇ ‘ਮੁਸੀਬਤਾਂ ਤੋਂ ਨਾ ਘਬਰਾਓ’ ਇੱਕ ਕਿਤਾਬ ਵੀ ਲਿਖੀ।

ਹਰਗੁਣਪ੍ਰੀਤ ਨੂੰ ਨਵੀਂ ਜ਼ਿੰਦਗੀ ਦੀ ਨਵੀਂ ਸਵੇਰ ਮਿਲੀ ਹੈ ਜਿਸ ਦੀ ਰੌਸ਼ਨੀ ’ਚ ਉਹ ਭਵਿੱਖ ਦੀ ਕਿਤਾਬ ’ਤੇ ਆਪਣੇ ਸੁਫ਼ਨਿਆਂ ਦੀ ਕਲਮ ਨਾਲ਼ ਇੱਕ ਹੋਰ ‘ਨਵੀਂ ਸਵੇਰ’ ਦੀ ਇਬਾਰਤ ਲਿਖਣ ਦਾ ਯਤਨ ਕਰ ਰਿਹਾ ਹੈ।ਅਜਿਹੀ ਨਵੀਂ ਸਵੇਰ ਜਿਸ ਦੇ ਨਿੱਘ ’ਚ ਕਿਸੇ ਵੀ ਕੈਂਸਰ ਪੀੜਤ ਨੂੰ ਸਰਕਾਰੀ ਦਰਾਂ ’ਤੇ ਆਪਣੇ ਕੀਮਤੀ ਹੰਝੂ ਵਹਾਉਣ ਲਈ ਲਾਚਾਰ ਨਾ ਹੋਣਾ ਪਵੇ।ਜ਼ਿੰਦਗੀ ਦੇ ਗ਼ਮਾਂ ਦੀ ਸ਼ਾਮ ਥੋੜੀ ਲੰਮੇਰੀ ਜ਼ਰੂਰ ਹੋ ਸਕਦੀ ਹੈ ਪਰ ਅਜੇ ਤੀਕ ਕੋਈ ਅਜਿਹੀ ਸ਼ਾਮ ਨਹੀਂ ਆਈ ਜਿਸ ਤੋਂ ਅੱਗੇ ਸਵੇਰਾ ਨਾ ਹੋਵੇ।ਮੌਤ ਨੂੰ ਮਾਤ ਪਾਉਣ ਵਾਲ਼ਾ ਤੇ ਦੁਖਾਂ ’ਚ ਵੀ ਮੂਹੋਂ ਉਲਾਂਭੇ ਭਰੀ ‘ਹਾਏ-ਹਾਏ’ ਕੱਢਣ ਦੀ ਥਾਂ ਸ਼ੁਕਰਾਨੇ ਭਰੀ ‘ਵਾਹੁ-ਵਾਹੁ’ ਉਚਾਰਨ ਵਾਲ਼ਾ ਜ਼ਿੰਦਗੀ ਦਾ ਇਹ ਚੈਂਪੀਅਨ ਜਿਵੇਂ ਉਮੀਦਾਂ ਦੇ ਬੁਝਿਆਂ ਚਿਰਾਗ਼ਾਂ ਨੂੰ ‘ਜਗਦੀ ਸ਼ਮ੍ਹਾ’ ਦੇ ਖ਼ੁਆਬ ਦਿੰਦਾ ਹੋਇਆ ਬਸ ਇਹੋ ਆਖ ਰਿਹਾ ਹੋਵੇ:

ਦਿਲ ਨਾ ਊਮੀਦ ਤੋ ਨਹੀਂ, ਨਾਕਾਮ ਹੀ ਤੋ ਹੈ
ਲੰਮੀ ਹੈ ਗ਼ਮ ਕੀ ਸ਼ਾਮ, ਮਗਰ ਸ਼ਾਮ ਹੀ ਤੋ ਹੈ।

-ਵਿਕਰਮ ਸਿੰਘ ਸੰਗਰੂਰ
ਪ੍ਰਕਾਸ਼ਿਤ ਪੰਜਾਬੀ ਟਿ੍ਬਿਊਨ 26/03/2011 ਸੱਜਰੀਆਂ ਪੈੜਾਂ

No comments:

Post a Comment